ਸਿੱਖੀ ਦੇ ਭੇਸ ‘ਚ ਅਾਹ ਕੀ ਹੋ ਰਿਹਾ!

0
647

ਲੰਘੀ 10 ਅਪ੍ਰੈਲ ਨੂੰ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ (ਫਗਵਾੜਾ) ਵਲੋਂ ‘ਸਿੱਖ ਸਿਆਸਤ ‘ਤੇ ਜੱਲ੍ਹਿਆਂਵਾਲੇ ਬਾਗ਼ ਸਾਕੇ ਦੇ ਪ੍ਰਭਾਵ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ ਸੀ।

ਇਸ ਮੌਕੇ ਸੈਮੀਨਾਰ ਦੇ ਸਵੇਰ ਦੇ ਸ਼ੈਸ਼ਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਹੋਏ।

ਸ਼ਾਮ ਦੇ ਅਤੇ ਸੈਮੀਨਾਰ ਦੇ ਅੰਤਲੇ ਸ਼ੈਸ਼ਨ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਕਾਲਰ ਡਾ. ਸੁਮੇਲ ਸਿੰਘ ਸਿੱਧੂ ਦਾ ਭਾਸ਼ਨ ਸੀ। ਮੈਂ ਸੁਮੇਲ ਸਿੱਧੂ ਨੂੰ ਪਹਿਲੀ ਵਾਰ ਵੇਖ ਰਿਹਾ ਸੀ। ਇਕ ਯੂਨੀਵਰਸਿਟੀ ਸਕਾਲਰ ਵਜੋਂ ਉਹਦਾ ਸਾਬਤ-ਸੂਰਤ ਚਿਹਰਾ, ਖੁੱਲ੍ਹਾ ਦਾੜ੍ਹਾ, ਹੱਥ ਵਿਚ ਸਰਬਲੋਹ ਦਾ ਕੜਾ, ਸਾਦਾ ਕੁੜਤਾ-ਪਜ਼ਾਮੇ ਵਾਲੇ ਪਹਿਰਾਵੇ ਨੂੰ ਵੇਖ ਕੇ ਪਹਿਲਾਂ-ਪਹਿਲ ਮੈਨੂੰ ਬੜੀ ਖ਼ੁਸ਼ੀ ਤੇ ਤਸੱਲੀ ਜਿਹੀ ਹੋਈ ਪਰ ਜਦੋਂ ਉਹ ਬੋਲਣ ਲੱਗਾ ਤੇ ਸਾਰੀ ਖ਼ੁਸ਼ੀ ਭਰਮ ਦੇ ਟੁੱਟਣ ਵਾਂਗ ਖੀਣ ਹੋ ਗਈ।

ਪੌਣੇ ਘੰਟੇ ਦੇ ਭਾਸ਼ਨ ਦੌਰਾਨ ਡਾ. ਸੁਮੇਲ ਸਿੱਧੂ ਨੇ ਸੈਮੀਨਾਰ ਦੇ ਵਿਸ਼ੇ ਤੋਂ ਬਿਲਕੁਲ ਲਾਂਭੇ ਜਾਂਦਿਆਂ ਆਪਣਾ ਸਾਰਾ ਜ਼ੋਰ ਇਹ ਗੱਲ ਸਾਬਤ ਕਰਨ ‘ਤੇ ਲਾਈ ਰੱਖਿਆ ਕਿ ਆਜ਼ਾਦੀ ਦੀ ਸਾਰੀ ਜੰਗ ਮਹਾਤਮਾ ਗਾਂਧੀ ਨੇ ਹੀ ਜਿੱਤੀ ਸੀ, ਸਿੱਖ ਸੰਸਥਾਵਾਂ, ਸਿੱਖ ਸਿਆਸੀ ਆਗੂ, ਸਿੱਖ ਧਾਰਮਿਕ ਸ਼ਖ਼ਸੀਅਤਾਂ ਉਦੋਂ ਵੀ ਤੇ ਹੁਣ ਵੀ ਸਥਾਪਤੀ ਪੱਖ ਵਿਚ ਭੁਗਤਦੇ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਕਾਲਜ ਦੇ ਮੰਚ ਤੋਂ ਸੁਮੇਲ ਸਿੱਧੂ ਸ਼ਰ੍ਹੇਆਮ ਕਾਲਜ ਦੇ ਵਿਦਿਆਰਥੀਆਂ ਦੇ ਕੋਰੇ ਮਨਾਂ ‘ਤੇ ਗਾਂਧੀ ਭਗਤੀ ਦੀ ਛਾਪ ਛੱਡਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਸਿੱਖਾਂ ਨੂੰ ਗੱਦਾਰ ਤੇ ਹਕੂਮਤਾਂ ਦੇ ਗੋਲੇ ਸਾਬਤ ਕਰ ਗਿਆ।

ਦਰਅਸਲ ਬੌਧਿਕ ਪੱਧਰ ‘ਤੇ ਬਹੁਤ ਜ਼ਹੀਨ ਪੱਧਰ ‘ਤੇ ਸਾਡੇ ਸਿੱਖ ਧਰਮ ਉੱਤੇ ਹਮਲੇ ਹੋ ਰਹੇ ਹਨ। ਇਹ ਵੀ ਉਸੇ ਬਹੁਪੜਾਵੀ ਯੋਜਨਾ ਦਾ ਹਿੱਸਾ ਹੈ, ਜੋ ਸਾਡੇ ਇਤਿਹਾਸ, ਸਿਧਾਂਤਾਂ, ਵਿਸ਼ਵਾਸ ਤੇ ਧਰਮ ‘ਤੇ ਹਮਲੇ ਕਰਨ ਲਈ ਬਣਾਈ ਗਈ ਹੈ। ਸਿੱਖਾਂ ਨੂੰ ਇਹ ਸੋਚਣਾ, ਸਮਝਣਾ ਤੇ ਜਾਗਰੂਕ ਹੋ ਕੇ ਬੌਧਿਕ ਪੱਧਰ ‘ਤੇ ਅਜਿਹੇ ਹੀਲੇ ਵੀ ਕਰਨੇ ਚਾਹੀਦੇ ਹਨ ਕਿ ਸਿੱਖੀ ਭੇਸ ਵਿਚ ਇਤਿਹਾਸਕਾਰ ਤਿਆਰ ਕਰਕੇ, ਇਤਿਹਾਸਕ ਤੱਥਾਂ ਦਾ ਹੇਰ-ਫੇਰ ਕਰਕੇ ਸਿੱਖਾਂ ਦੀ ਇਤਿਹਾਸਕ ਭੂਮਿਕਾ ਨੂੰ ਚਤੁਰ ਬੁੱਧੀ ਨਾਲ ਮਨਫ਼ੀ ਕਰਨ ਦੇ ਜਿਹੜੇ ਘਟੀਆ ਯਤਨ ਹੋ ਰਹੇ ਹਨ, ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ?

-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)

LEAVE A REPLY

Please enter your comment!
Please enter your name here